ਦਿੱਤੇ ਪੈਰੇ ਨੂੰ ਪੜ੍ਹ ਕੇ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ।
ਘਰ ਇੱਟਾਂ ਜਾਂ ਵੱਟਿਆਂ ਦੇ ਬਣੇ ਕੋਠੇ ਨੂੰ ਨਹੀਂ ਕਹਿੰਦੇ। 'ਘਰ' ਤੋਂ ਭਾਵ ਉਹ ਥਾਂ ਹੈ, ਜਿੱਥੇ ਮਨੁੱਖ ਦੇ ਪਿਆਰ ਤੇ ਸੱਧਰਾਂ ਪਲਦੀਆਂ ਹਨ, ਜਿੱਥੇ ਬਾਲਪਨ ਵਿਚ ਮਾਂ, ਭੈਣ ਤੇ ਭਰਾ ਕੋਲੋਂ ਲਾਡ ਲਿਆ ਹੁੰਦਾ ਹੈ, ਜਿੱਥੇ ਜਵਾਨੀ ਵਿਚ ਸਾਰੇ ਜਹਾਨ ਨੂੰ ਗਾਹ ਕੇ, ਲਿਤਾੜ ਕੇ, ਖੱਟੀ ਕਮਾਈ ਕਰ ਕੇ ਮੁੜ ਆਉਣ ਨੂੰ ਜੀ ਕਰਦਾ ਹੈ, ਜਿੱਥੇ ਬੁਢੇਪੇ ਵਿਚ ਬਹਿ ਕੇ ਸਾਰੇ ਜੀਵਨ ਦੇ ਝਮੇਲਿਆਂ ਤੋਂ ਮਿਲੀ ਵਿਹਲ ਨੂੰ ਅਰਾਮ ਨਾਲ ਕੱਟਣ ਵਿਚ ਇਉਂ ਸੁਆਦ ਆਉਂਦਾ ਹੈ ਜਿਵੇਂ ਬਚਪਨ ਵਿੱਚ ਮਾਂ ਦੀ ਝੋਲੀ ਵਿਚ ਆਉਂਦਾ ਸੀ। ਘਰ ਮਨੁਖ ਦੇ ਨਿਜੀ ਵਲਵਲਿਆਂ, ਸ਼ਖ਼ਸੀਅਤ ਤੇ ਰਹਿਣੀ ਬਹਿਣੀ ਦਾ ਕੇਂਦਰ ਹੁੰਦਾ ਹੈ। ਉਸ ਦੇ ਆਚਰਣ ਬਣਾਉਣ ਵਿਚ ਜਿੱਥੇ ਸਮਾਜਕ ਤੇ ਮੁਲਕੀ ਆਲੇ-ਦੁਆਲੇ ਦਾ ਅਸਰ ਕੰਮ ਕਰਦਾ ਹੈ, ਉੱਥੇ ਘਰ ਦੀ ਚਾਰਦੀਵਾਰੀ ਅਤੇ ਇਸ ਦੇ ਅੰਦਰ ਦੇ ਹਾਲਾਤ ਦਾ ਅਸਰ ਵੀ ਘਟ ਕੰਮ ਨਹੀਂ ਕਰਦਾ। ਸਗੋਂ ਮਨੁੱਖ ਦਾ ਆਚਰਣ ਬਣਦਾ ਹੀ ਘਰ ਵਿਚ ਹੈ। ਇਹੋ ਉਸ ਦੀਆਂ ਰੁਚੀਆਂ ਅਤੇ ਸੁਭਾਉਦਾ ਸਾਂਚਾ ਹੈ। ਕਈ ਵਾਰੀ ਜਦ ਮੈਂ ਕਿਸੇ ਸੱਜਣ ਨੂੰ ਕੋਝੇ, ਸੜੀਅਲ ਜਾਂ ਖਿਝੂ ਸੁਭਾ ਵਾਲਾ ਦੇਖਦਾ ਹਾਂ ਤਾਂ ਮੈਂ ਦਿਲ ਵਿਚ ਕਹਿੰਦਾਹਾਂ, ਇਸ ਵਿਚਾਰੇ ਨੂੰ ਘਰ ਦਾ ਪਿਆਰ ਨਹੀਂ ਮਿਲਿਆ ਹੋਣਾ।